ਬੰਦਾ ਕਠਪੁਤਲੀ ਹੈ , ਨਚਾਇਆ ਜਾ ਰਿਹਾ ਹੈ ,
ਧਰਮੋਂ ਹੀਣੇ ਲੋਕਾਂ ਵੱਲੋਂ ਧਰਮ ਬਚਾਇਆ ਜਾ ਰਿਹਾ ਹੈ ।
ਝੂਠ ਦੀ ਝੂਠੀ ਸਲਤਨਤ ਦੇ ਝੂਠੇ ਪਾਤਸ਼ਾਹ ਵੱਲੋਂ ,
ਸੱਚ ਨੂੰ ਤੱਤੀਆਂ ਤਵੀਆਂ ਉੱਤੇ ਬਿਠਾਇਆ ਜਾ ਰਿਹਾ ਹੈ ।
ਬਜ਼ੁਰਗ ਹੋਏ ਅਤੀਤ ਵੱਲੋਂ ਮਾਸੂਮ ਭਵਿੱਖ ਨੂੰ ਨੀਹਾਂ ਵਿੱਚ ,
ਸੱਤਾ ਦੇ ਖੁੱਸਣ ਡਰੋਂ ਕੋਹ ਕੋਹ ਕੇ ਚਿਣਵਾਇਆ ਜਾ ਰਿਹਾ ਹੈ ।
ਡਾਕਟਰ ,ਅਫ਼ਸਰ, ਨੇਤਾ, ਬਾਬੇ ਅਤੇ ਵਪਾਰੀਆਂ ਵੱਲੋਂ ,
ਲੋਕਾਂ ਦਾ ਸਮਾਂ ਅਤੇ ਸਰਮਾਇਆ ਖਰਚਵਾਇਆ ਜਾ ਰਿਹਾ ਹੈ ।
ਇੱਕ ਪਾਸੇ ਗਊ ਮਾਤਾ , ਦੂਜੇ ਪਾਸੇ ਬੁੱਚੜਖਾਨੇ ਕਈ ,
ਗਾਂ ਦੀ ਚਰਬੀ ਨੂੰ ਘਿਓ ਵਿੱਚ ਮਿਲਾਇਆ ਜਾ ਰਿਹਾ ਹੈ ।
ਦੋ ਕੌੜੀ ਦੀ ਇੱਜ਼ਤ ਜਿਸਦੀ ਘਰੇ ਵੀ ਕੋਈ ਨਾ ਕਰਦਾ ,
ਐਸੇ ਚਮਚਿਆਂ ਨੂੰ ਥਾਲੀ ਦਿਖਾ ਕੇ ਲੁਭਾਇਆ ਜਾ ਰਿਹਾ ਹੈ ।
" ਜ਼ੀਰੇ ਵਾਲਿਆ " ਬਹੁਤਿਆਂ ਦੀ ਸੌੜੀ ਸੋਚ ਕਰਕੇ ਹੀ ,
ਇੱਕ ਦੂਜੇ ਦੇ ਰਹਿਬਰਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ ।
" ਅੰਮ੍ਰਿਤ ਵੇਲਾ "
ਸੰਧੂ ਸੁੱਖਰਾਜ
No comments:
Post a Comment