Wednesday, December 24, 2025

ਓਸ਼ੋ 🌸(ਅਨੁਵਾਦ: ਮੀਤ ਅਨਮੋਲ)📓ਪਤੰਜਲੀ ਯੋਗਸੂਤਰ

ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ, ਇੱਕ ਬਹੁਤ ਹੀ ਸੁੰਦਰ ਕਹਾਣੀ। ਇਸਨੂੰ ਜਿੰਨਾ ਹੋ ਸਕੇ ਗੌਰ ਨਾਲ ਸੁਣਨਾ।

ਇੱਕ ਔਰਤ ਅਤੇ ਉਸਦਾ ਛੋਟਾ ਜਿਹਾ ਬੱਚਾ ਸਮੁੰਦਰ ਕਿਨਾਰੇ ਮੌਜ-ਮਸਤੀ ਕਰ ਰਹੇ ਸਨ, ਪਾਣੀ ਦਾ ਵਹਾਅ ਕਾਫ਼ੀ ਤੇਜ਼ ਸੀ। ਉਸਨੇ ਆਪਣੇ ਪੁੱਤਰ ਦੀ ਬਾਂਹ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਅਤੇ ਉਹ ਖੁਸ਼ੀ ਨਾਲ ਪਾਣੀ ਨਾਲ ਖੇਡਣ ਵਿੱਚ ਰੁੱਝੇ ਹੋਏ ਸਨ ਕਿ ਅਚਾਨਕ ਪਾਣੀ ਦੀ ਇੱਕ ਵੱਡੀ ਸਾਰੀ ਭਿਆਨਕ ਲਹਿਰ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਈ। ਉਨ੍ਹਾਂ ਨੇ ਡਰ ਨਾਲ ਉਸਨੂੰ ਦੇਖਿਆ, ਸਮੁੰਦਰ ਦੀ ਉਹ ਲਹਿਰ ਉਨ੍ਹਾਂ ਦੇ ਸਾਹਮਣੇ ਉੱਚੀ ਉੱਠੀ, ਹੋਰ ਉੱਚੀ ਉੱਠੀ ਅਤੇ ਉਨ੍ਹਾਂ ਦੇ ਉੱਪਰ ਫੈਲ੍ਹ ਗਈ। ਜਦੋਂ ਪਾਣੀ ਦੀ ਲਹਿਰ ਵਾਪਿਸ ਮੁੜ੍ਹੀ ਤਾਂ ਉਹ ਛੋਟਾ ਬੱਚਾ ਕਿਤੇ ਵੀ ਦਿਖਾਈ ਨਾ ਦਿੱਤਾ।

ਬੇਹਾਲ ਹੋਈ ਮਾਂ ਮੇਲਵਿਨ, ਮੇਲਵਿਨ, ਤੂੰ ਕਿੱਥੇ ਹੈਂ? ਮੇਲਵਿਨ! ਚੀਕਦੇ ਹੋਏ, ਆਪਣੇ ਪੁੱਤਰ ਨੂੰ ਪਾਣੀ ਵਿੱਚ ਹਰ ਜਗ੍ਹਾ ਲੱਭਣ ਲੱਗੀ। ਜਦੋਂ ਇਹ ਸਪੱਸ਼ਟ ਹੋ ਗਿਆ ਕਿ ਬੱਚਾ ਗੁਆਚ ਗਿਆ ਹੈ, ਪਾਣੀ ਉਸਨੂੰ ਵਹਾ ਕੇ ਸਮੁੰਦਰ ਵਿੱਚ ਲੈ ਗਿਆ ਹੈ ਤਾਂ ਪੁੱਤਰ ਦੇ ਵਿਯੋਗ ਵਿੱਚ ਤੜਪ ਰਹੀ, ਰੋ ਰਹੀ ਮਾਂ ਨੇ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੀਆਂ ਅਤੇ ਪ੍ਰਾਰਥਨਾ ਕੀਤੀ, 'ਹੇ, ਪਿਆਰੇ ਅਤੇ ਦਿਆਲੂ ਪਰਮ ਪਿਤਾ, ਕਿਰਪਾ ਕਰਕੇ ਮੇਰੇ 'ਤੇ ਰਹਿਮ ਕਰੋ ਅਤੇ ਮੇਰੇ ਪਿਆਰੇ ਬੱਚੇ ਨੂੰ ਵਾਪਸ ਕਰ ਦਿਓ।'

‘ਮੈਂ ਤੁਹਾਨੂੰ ਆਪਣੀ ਸਦੀਵੀ ਸ਼ੁਕਰਗੁਜ਼ਾਰੀ ਦਾ ਵਾਅਦਾ ਕਰਦੀ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਆਪਣੇ ਪਤੀ ਨਾਲ ਦੁਬਾਰਾ ਕਦੇ ਧੋਖਾ ਨਹੀਂ ਕਰਾਂਗੀ; ਮੈਂ ਆਪਣੇ ਆਮਦਨ ਕਰ ਨੂੰ ਜਮ੍ਹਾਂ ਕਰਵਾਉਣ ਲੱਗਿਆਂ ਦੁਬਾਰਾ ਕਦੇ ਧੋਖਾ ਨਹੀਂ ਕਰਾਂਗੀ; ਮੈਂ ਆਪਣੀ ਸੱਸ ਪ੍ਰਤਿ ਦਿਆਲੂ ਰਹਾਂਗੀ; ਮੈਂ ਸਿਗਰਟ ਪੀਣੀ ਅਤੇ ਹੋਰ ਸਾਰੇ ਨਸ਼ੇ ਵੀ ਛੱਡ ਦਿਆਂਗੀ! ਆਪਣੀਆਂ ਸਾਰੀਆਂ ਬੁਰੀਆਂ ਆਦਤਾਂ… ਬੱਸ ਕਿਰਪਾ ਕਰਕੇ ਮੇਰੇ ’ਤੇ ਦਿਆ ਕਰੋ ਅਤੇ ਮੇਰਾ ਪੁੱਤਰ ਵਾਪਸ ਕਰ ਦਿਓ।'

ਉਸੇ ਵੇਲੇ ਪਾਣੀ ਦੀ ਇੱਕ ਹੋਰ ਵਿਸ਼ਾਲ ਲਹਿਰ ਉੱਠੀ ਅਤੇ ਆ ਕੇ ਉਸਦੇ ਸਿਰ 'ਤੇ ਡਿੱਗ ਪਈ। ਜਦੋਂ ਪਾਣੀ ਵਾਪਿਸ ਮੁੜ੍ਹਿਆ ਤਾਂ ਉਸਨੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਆਪਣੇ ਸਾਹਮਣੇ ਖੜ੍ਹਾ ਦੇਖਿਆ।

ਉਸਨੇ ਘੁੱਟ ਕੇ ਉਸਨੂੰ ਆਪਣੀ ਛਾਤੀ ਨਾਲ ਲਗਾਇਆ, ਉਸਨੂੰ ਚੁੰਮਿਆ ਅਤੇ ਫਿਰ ਦੁਬਾਰਾ ਉਸਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਗਾ ਲਿਆ। ਫਿਰ ਉਸਨੇ ਇੱਕ ਪਲ ਲਈ ਉਸਨੂੰ ਦੇਖਿਆ ਅਤੇ ਇੱਕ ਵਾਰ ਫਿਰ ਆਪਣੀ ਨਜ਼ਰ ਉੱਪਰ ਆਕਾਸ਼ ਵੱਲ ਚੁੱਕੀ। ਉੱਪਰ ਵੱਲ ਵੇਖਦੇ ਹੋਏ, ਉਸਨੇ ਕਿਹਾ, "ਪਰ ਉਸਨੇ ਟੋਪੀ ਪਾਈ ਹੋਈ ਸੀ।"

ਮਨ ਇਹੀ ਹੈ: ਬੱਚਾ ਵਾਪਸ ਆ ਗਿਆ ਹੈ ਪਰ ਟੋਪੀ ਗੁਆਚ ਗਈ ਹੈ। ਹੁਣ ਉਹ ਇਸਲਈ ਖੁਸ਼ ਨਹੀਂ ਹੈ ਕਿ ਪੁੱਤਰ ਮੁੜ੍ਹ ਆਇਆ ਹੈ, ਬਲਕਿ ਦੁਖੀ ਹੈ ਕਿਉਂਕਿ ਟੋਪੀ ਗੁਆਚ ਗਈ ਸੀ - ਦੁਬਾਰਾ ਸ਼ਿਕਾਇਤ। ਕੀ ਤੁਸੀਂ ਕਦੇ ਦੇਖਿਆ ਹੈ ਕਿ ਤੁਹਾਡੇ ਮਨ ਦੇ ਅੰਦਰ ਵੀ ਇਹੀ ਕੁਝ ਵਾਪਰ ਰਿਹਾ ਹੈ ਜਾਂ ਨਹੀਂ?

ਸਦਾ ਤੋਂ ਅਜਿਹਾ ਹੀ ਹੋ ਰਿਹਾ ਹੈ। ਜੀਵਨ ਤੁਹਾਨੂੰ ਜੋ ਕੁਝ ਵੀ ਦਿੰਦਾ ਹੈ ਉਸਦੇ ਲਈ ਤੁਸੀਂ ਧੰਨਵਾਦ ਨਹੀਂ ਕਰਦੇ। ਤੁਸੀਂ ਬਾਰ-ਬਾਰ ਗਵਾਚੀ ਹੋਈ ਟੋਪੀ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹੋ।

ਤੁਸੀਂ ਲਗਾਤਾਰ ਓਸੇ ਨੂੰ ਦੇਖੀ ਜਾਂਦੇ ਹੋ ਜੋ ਨਹੀਂ ਵਾਪਰਿਆ ਹੈ, ਉਸਨੂੰ ਨਹੀਂ ਦੇਖਦੇ ਜੋ ਹੋ ਚੁੱਕਾ ਹੈ। ਤੁਸੀਂ ਹਮੇਸ਼ਾ ਦੇਖਦੇ ਹੋ, ਇੱਛਾ ਕਰਦੇ ਹੋ, ਉਮੀਦ ਕਰਦੇ ਹੋ, ਪਰ ਤੁਸੀਂ ਕਦੇ ਵੀ ਸ਼ੁਕਰਗੁਜ਼ਾਰ ਨਹੀਂ ਹੁੰਦੇ। ਤੁਸੀਂ ਪਰਮਾਤਮਾ ਨਾਲ ਵੀ ਚਲਾਕੀਆਂ ਕਰਦੇ ਹੋ।

— ਓਸ਼ੋ 🌸(ਅਨੁਵਾਦ: ਮੀਤ ਅਨਮੋਲ)

📓ਪਤੰਜਲੀ ਯੋਗਸੂਤਰ

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...