Monday, July 28, 2025

ਅਗਾਧਿ ਬੋਧਿ(ਸੁਖਰਾਜ ਜ਼ੀਰਾ)

ਹਰ ਪੱਗ ਦੇ ਥੱਲੜਾ ਸਿਰ, ਹੁੰਦਾ ਨਹੀਂ ਸਰਦਾਰ ,
ਚੰਗੇ ਲੀੜੇ ਪਾ ਕੇ ਮਾੜੇ, ਲੁਕਦੇ ਨਹੀਂ ਕਿਰਦਾਰ ।

ਮੌਕਾ ਦੇਖ ਗਧੇ ਨੂੰ ਜਿਹੜੇ , ਪਿਉ ਜੀ ਆਖਦੇ ,
ਐਸੇ ਨੀਚ ਬੰਦਿਆਂ ਦੀ ਤਾਂ , ਦੁਨੀਆਂ 'ਤੇ ਭਰਮਾਰ ।

ਧਰਮੀਂ ਹੋਣਾਂ ਇਹ ਨਹੀਂ ਕਿ, ਬਾਕੀ ਸੱਭੇ ਕਾਫ਼ਿਰ ,
ਪਿੱਤਰਾਂ ਦੇ ਪਾਲਣ ਪੋਸ਼ਣ ਲਈ, ਕਈ ਖਾਂਦੇ ਮੁਰਦਾਰ ।

ਸਿੰਙਾਂ ਉੱਤੇ ਚੁੱਕ ਲੈਣਗੇ , ਤੈਨੂੰ ਇਹ ਪੰਜ ਝੋਟੇ , 
ਕਾਮ , ਕ੍ਰੋਧ , ਲੋਭ , ਮੋਹ ਤੇ, ਪੰਜਵਾਂ ਹੈ ਹੰਕਾਰ ।

ਢਿੱਡ ਦੀ ਭੁੱਖ ਤੋਂ ਭਾਰੂ ਹੈ, ਰਾਜ ਸੱਤਾ ਦੀ ਭੁੱਖ ,
ਸਮਾਂ ਭਿਆਨਕ ਆ ਰਿਹਾ ਹੈ , ਕਰੂਗਾ ਮਾਰੋ - ਮਾਰ ।

ਜੀਵਨ ਦਾਤਾ ਪਾਣੀ ਰੁੱਸ ਕੇ , ਜੀਵਨ ਲੈਂਦਾ ਖੋਹ ,
ਦਰਿਆਵਾਂ ਦੇ ਬੰਨ੍ਹ ਵਿੱਚ ਜਦ , ਪੈ ਜਾਂਦੀ ਹੈ ਖਾਰ ।

ਸ਼ੁਬੇਗ ਸਿੰਘ , ਸ਼ਾਹਬਾਜ਼ ਸਿੰਘ ਦੇ , ਸਦਕੇ ਜਾਈਏ ਜੀ ,
ਪਿਉ - ਪੁੱਤਾਂ ਦਾ ਚਰਖੜੀਆਂ ਦੇ, ਨਾਲ ਸੀ ਗੂੜ੍ਹਾ ਪਿਆਰ ।

ਬੀਰ ਰਸ ਵਿੱਚ ਚੜ੍ਹਦੇ ਸੀ , ਦਸ਼ਮੇਸ਼ ਪਿਤਾ ਸ਼ਿਕਾਰ ਉੱਤੇ ,
ਸ਼ਿਕਾਰ ਖੇਡਦੇ ਗੁਰੂ ਦੇ ਅੱਗੇ , ਮੈਂ ਹੋਵਾਂ ਸ਼ਿਕਾਰ ।

ਜਿਉਂਦੇ ਜੀਅ ਜੋ " ਜ਼ੀਰੇ ਵਾਲਿਆ ", ਧਰਤੀ ਉੱਤੇ ਬੋਝ,
ਮਰੇ ਤੋਂ ਪਿੱਛੋਂ ਛੱਡ ਜਾਂਦੇ ਉਹ , ਹੱਢ - ਮਾਸ ਦਾ ਭਾਰ ।
                " ਅਗਾਧਿ ਬੋਧਿ "
              ਸੁੱਖਰਾਜ ਸਿੰਘ ਜ਼ੀਰਾ

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...